ਸੈਰ ਸਪਾਟਾ ਨੂੰ ਉਤਸ਼ਾਹਤ ਕਰਨ ਲਈ ਸੈਰ ਸਪਾਟਾ ਪ੍ਰੋਤਸਾਹਨ ਬੋਰਡ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚਾਲੇ ਸਮਝੌਤਾ ਸਹੀਬੱਧ

ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ

ਸੈਰ ਸਪਾਟਾ ਨੂੰ ਉਤਸ਼ਾਹਤ ਕਰਨ ਲਈ ਸੈਰ ਸਪਾਟਾ ਪ੍ਰੋਤਸਾਹਨ ਬੋਰਡ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚਾਲੇ ਸਮਝੌਤਾ ਸਹੀਬੱਧ

      ਸੀ.ਈ.ਓ. ਸ਼ਿਵ ਦੁਲਾਰ ਸਿੰਘ ਢਿੱਲੋਂ ਤੇ ਉਪ ਕੁਲਪਤੀ ਪ੍ਰੋ.ਘੁੰਮਣ ਨੇ ਤਿੰਨ ਸਾਲ ਲਈ ਆਪਸੀ ਸਹਿਮਤੀ ਦੇ ਸਮਝੌਤੇ 'ਤੇ ਕੀਤੇ ਦਸਤਖਤ

       ਪੰਜਾਬ ਨੂੰ ਸੈਰ ਸਪਾਟਾ ਖੇਤਰ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਉਣ ਦੀ ਦਿਸ਼ਾ ਵਿੱਚ ਕੋਸ਼ਿਸ਼ਾਂ ਜਾਰੀ: ਢਿੱਲੋਂ

ਚੰਡੀਗੜ੍ਹ, 11 ਜਨਵਰੀ

        Êਪੰਜਾਬ ਵਿੱਚ ਸੈਰ ਸਪਾਟਾ ਨੂੰ ਉਤਸ਼ਾਹਤ ਕਰਨ ਲਈ ਅੱਜ ਪੰਜਾਬ ਹੈਰੀਟੇਜ ਟੂਰਿਜ਼ਮ ਪ੍ਰਮੋਸ਼ਨ ਬੋਰਡ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚਾਲੇ ਤਿੰਨ ਸਾਲ ਲਈ ਆਪਸੀ ਸਹਿਮਤੀ ਦਾ ਸਮਝੌਤਾ (ਐਮ.ਓ.ਯੂ.) ਸਹੀਬੱਧ ਹੋਇਆ। ਅੱਜ ਇਥੇ ਸੈਕਟਰ-38 ਸਥਿਤ ਸੱਭਿਆਚਾਰਕ ਤੇ ਸੈਰ ਸਪਾਟਾ ਵਿਭਾਗ ਦੇ ਦਫਤਰ ਵਿਖੇ ਤਹਿਤ ਇਸ ਸਮਝੌਤੇ 'ਤੇ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਸ੍ਰੀ ਸ਼ਿਵ ਦੁਲਾਰ ਸਿੰਘ ਢਿੱਲੋ ਅਤੇ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਬੀ.ਐਸ.ਘੁੰਮਣ ਨੇ ਦਸਤਖਤ ਕੀਤੇ।

        ਐਮ.ਓ.ਯੂ. ਸਹੀਬੱਧ ਕਰਨ ਉਪਰੰਤ ਪ੍ਰੈਸ ਦੇ ਨਾਂ ਜਾਰੀ ਬਿਆਨ ਵਿੱਚ ਸੀ.ਈ.ਓ. ਸ੍ਰੀ ਢਿੱਲੋਂ ਨੇ ਦੱਸਿਆ ਕਿ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਦੀ ਅਗਵਾਈ ਹੇਠ ਵਿਭਾਗ ਵੱਲੋਂ ਸੂਬੇ ਨੂੰ ਸੈਰ ਸਪਾਟਾ ਖੇਤਰ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਕੋਸ਼ਿਸ਼ਾਂ ਜਾਰੀ ਹਨ। ਉਨ੍ਹਾਂ ਕਿਹਾ ਕਿ ਅੱਜ ਇਸੇ ਦਿਸ਼ਾਂ ਵਿੱਚ ਵਿਭਾਗ ਅਤੇ ਪੰਜਾਬੀ ਯੂਨੀਵਰਸਿਟੀ ਵੱਲੋਂ ਐਮ.ਓ.ਯੂ. ਸਹੀਬੱਧ ਕੀਤਾ ਗਿਆ ਹੈ ਜਿਸ ਤਹਿਤ ਦੋਵਾਂ ਅਦਾਰਿਆਂ ਵੱਲੋਂ ਮਿਲ ਕੇ ਗਿਆਨ ਸਾਂਝਾ ਕਰਨ ਵਿੱਚ ਲੰਬੇ ਸਮੇਂ ਲਈ ਸਾਂਝੇਦਾਰੀ ਕਾਇਮ ਕੀਤੀ ਜਾਵੇਗੀ ਅਤੇ ਸੂਬੇ ਵਿੱਚ ਸੈਰ ਸਪਾਟਾ ਦੇ ਪ੍ਰਬੰਧਨ ਦੇ ਵਿਕਾਸ ਲਈ ਗਤੀਵਿਧੀਆਂ ਕੀਤੀਆਂ ਜਾਣਗੀ ਜਿਸ ਦਾ ਮੁੱਖ ਟੀਚਾ ਸੂਬੇ ਵਿੱਚ ਸੈਰ ਸਪਾਟਾ ਨੂੰ ਉਤਸ਼ਾਹਤ ਕਰਨਾ ਹੋਵੇਗਾ।

        ਐਮ.ਓ.ਯੂ. ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਢਿੱਲੋਂ ਨੇ ਦੱਸਿਆ ਕਿ ਇਸ ਸਮਝੌਤੇ ਤਹਿਤ ਬੋਰਡ ਅਤੇ ਪੰਜਾਬੀ ਯੂਨੀਵਰਸਿਟੀ ਸੈਰ ਸਪਾਟਾ ਦੇ ਵਿਕਾਸ ਲਈ ਲੜੀਵਾਰ ਪ੍ਰੋਗਰਾਮ ਸ਼ੁਰੂ ਕਰੇਗੀ ਜਿਸ ਦਾ ਦੋਵਾਂ ਧਿਰਾਂ ਨੂੰ ਫਾਇਦਾ ਹੋਵੇਗਾ। ਯੂਨੀਵਰਸਿਟੀ ਵੱਲੋਂ ਅਕਾਦਮਿਕ ਅਤੇ ਬੌਧਿਕ ਸੁਝਾਅ ਦਿੱਤੇ ਜਾਣਗੇ ਜਦੋਂ ਕਿ ਬੋਰਡ ਵੱਲੋਂ ਵਿੱਤੀ ਅਤੇ ਢਾਂਚਾਗਤ ਮੱਦਦ ਦਿੱਤੀ ਜਾਵੇਗੀ।  ਪੰਜਾਬੀ ਯੂਨੀਵਰਸਿਟੀ ਵੱਲੋਂ ਬੋਰਡ ਨਾਲ ਮਿਲ ਕੇ ਕਈ ਵਿਕਾਸ ਪ੍ਰਾਜੈਕਟਾਂ ਤੋਂ ਇਲਾਵਾ ਰਿਫਰੈਸ਼ਰ/ਓਰੀਅਨਟੇਸ਼ਨ ਕੋਰਸ ਸ਼ੁਰੂ ਕੀਤੇ ਜਾਣਗੇ। ਇਸ ਤੋਂ ਇਲਾਵਾ ਸੈਰ ਸਪਾਟਾ ਖੇਤਰ ਵਿੱਚ ਸਮਰੱਥਾ ਵਧਾਉਣ ਲਈ ਥੋੜ੍ਹੇ ਸਮੇਂ ਦਾ ਸਰਟੀਫਿਕੇਟ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ ਜਿਸ ਲਈ ਬੋਰਡ ਵੱਲੋਂ ਹਰ ਤਰ੍ਹਾਂ ਦੀ ਮੱਦਦ ਦਿੱਤੀ ਜਾਵੇਗੀ। ਬੋਰਡ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀਆਂ ਲਈ ਨੌਕਰੀ ਦੀ ਸਿਖਲਾਈ ਜਾਂ ਇੰਟਰਨਸ਼ਿਪ ਪ੍ਰੋਗਰਾਮ ਮੁਹੱਈਆ ਕਰਵਾਏ ਜਾਣਗੇ।

ਇਸ ਮੌਕੇ ਬੋਰਡ ਦੀ ਮੈਨੇਜਰ ਪ੍ਰਾਜੈਕਟ ਅਲਕਾ ਕਪੂਰ, ਮੈਨੇਜਰ ਅੰਕੜਾ ਉਰਮਿਲ ਖੋਸਾ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੈਰ ਸਪਾਟਾ ਤੇ ਪ੍ਰਾਹੁਣਚਾਰੀ ਵਿਭਾਗ ਦੇ ਮੁਖੀ ਸ੍ਰੀ ਰਣ ਸਿੰਘ ਧਾਲੀਵਾਲ ਵੀ ਹਾਜ਼ਰ ਸਨ।

ਨੰ: ਪੀਆਰ/18/20

back-to-top