ਐਗਰੀਗੇਟਰ ਕੰਪਨੀਆਂ ਰਾਹੀਂ ਆਨਲਾਈਨ ਭੋਜਨ ਸਪਲਾਈ ਕਰਨ ਵਾਲੇ ਸਾਰੇ ਭੋਜਨ ਵਪਾਰ ਆਪਰੇਟਰਜ਼ (ਐਫ.ਬੀ.ਓ) 31 ਅਕਤੂਬਰ ਤੱਕ ਸਵੱਛਤਾ ਰੇਟਿੰਗ ਯਕੀਨੀ ਬਣਾਉਣ: ਸੀ.ਐਫ.ਡੀ.ਏ.

ਐਗਰੀਗੇਟਰ ਕੰਪਨੀਆਂ ਰਾਹੀਂ ਆਨਲਾਈਨ ਭੋਜਨ ਸਪਲਾਈ ਕਰਨ ਵਾਲੇ ਸਾਰੇ ਭੋਜਨ ਵਪਾਰ ਆਪਰੇਟਰਜ਼ (ਐਫ.ਬੀ.ਓ) 31 ਅਕਤੂਬਰ ਤੱਕ ਸਵੱਛਤਾ ਰੇਟਿੰਗ ਯਕੀਨੀ ਬਣਾਉਣ: ਸੀ.ਐਫ.ਡੀ.ਏ.

ਚੰਡੀਗੜ, 10 ਸਤੰਬਰ:

        ਸੂਬੇ ਵਿੱਚ  ਸਾਫ-ਸੁਥਰੇ ਢੰਗ ਨਾਲ ਤਿਆਰ ਕੀਤੇ ਭੋਜਨ ਦੀ ਸਪਲਾਈ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਐਗਰੀਗੇਟਰ ਕੰਪਨੀਆਂ ਰਾਹੀਂ ਆਨਲਾਈਨ ਭੋਜਨ ਸਪਲਾਈ ਕਰਨ ਵਾਲੇ ਸਾਰੇ ਐਫ.ਬੀ.ਓਜ਼ ਨੂੰ 31 ਅਕਤੂਬਰ, 2019 ਤੱਕ ਆਪਣੀਆਂ ਸਬੰਧਤ ਇਕਾਈਆਂ ਦੀ ਸਵੱਛਤਾ ਰੇਟਿੰਗ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ ਅਤੇ ਅਜਿਹਾ ਨਾ ਕਰਨ ਦੀ ਸਥਿਤੀ ਵਿੱਚ ਸਬੰਧਤ ਕੰਪਨੀਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਹ ਜਾਣਕਾਰੀ ਫੂਡ ਤੇ ਡਰੱਗ ਪ੍ਰਬੰਧਨ ਪੰਜਾਬ ਦੇ ਕਮਿਸ਼ਨਰ ਸ੍ਰੀ ਕਾਹਨ ਸਿੰਘ ਪੰਨੂ ਨੇ ਦਿੱਤੀ।

        ਉਨਾਂ ਦੱਸਿਆ ਕਿ ਇਕਾਈ(ਅਸਟੈਬਲਿਸ਼ਮੈਂਟ) ਦੀ ਸਵੱਛਤਾ ਦੀ ਰੇਟਿੰਗ ਫੂਡ ਸੇਫਟੀ ਅਤੇ ਸਟੈਂਡਰਡ ਅਥਾਰਟੀ ਆਫ ਇੰਡੀਆ(ਐਫਐਸਐਸਏਆਈ)ਵਲੋਂ ਸੂਚੀਬੱਧ ਕੀਤੀਆਂ 23 ਕੰਪਨੀਆਂ ਵਿਚੋਂ ਕਿਸੇ ਵੀ ਕੰਪਨੀਆਂ ਤੋਂ ਮੁਕੰਮਲ ਕਰਵਾਈ ਜਾ ਸਕਦੀ ਹੈ।

        ਇਸ ਤੋਂ ਪਹਿਲਾਂ ਮਈ ਮਹੀਨੇ ਵਿੱਚ ਪੰਜਾਬ ‘ਚ ਆਨਲਾਈਨ ਭੋਜਨ ਸਪਲਾਈ ਕਰਨ ਵਾਲੀਆਂ ਐਗਰੀਗੇਟਰ ਕੰਪਨੀਆਂ ਜਿਵੇਂ ਜ਼ੋਮੈਟੋ, ਸਵੀਗੀ, ਊਬਰ ਈਟਸ ਅਤੇ ਫੂਡ  ਪੈਂਡਾ ਆਦਿ ਨੂੰ ਕਿਹਾ ਗਿਆ ਸੀ ਕਿ ਉਹ ਆਪਣੇ ਸਬੰਧਤ ਐਫ.ਬੀ.ਓਜ਼ ਨੂੰ ਆਪੋ-ਆਪਣੀ ਇਕਾਈ ਦੀ ਸਵੱਛਤਾ ਰੇਟਿੰਗ ਯਕੀਨੀ ਬਣਾਉਣ।

        ਆਨਲਾਈਨ ਭੋਜਨ ਬਿਜ਼ਨਸ ਐਗਰੀਗੇਟਰਾਂ ਨੇ ਆਪਣੇ ਨਾਲ ਸਬੰਧਤ ਐਫ.ਬੀ.ਓਜ਼  ਦੀ ਸਵੱਛਤਾ ਰੇਟਿੰਗ ਨੂੰ ਯਕੀਨੀ ਬਣਾਉਣ ਲਈ ਸਮਾਂ ਮੰਗਿਆ ਸੀ ਅਤੇ ਕਮਿਸ਼ਨਰੇਟ ਨੂੰ ਬੇਨਤੀ ਕੀਤੀ ਸੀ ਕਿ ਸਾਰੇ ਐਫ.ਬੀ.ਓਜ਼ ਨੂੰ ਆਪਣੀਆਂ ਅਸਟੈਬਸ਼ਿਮੈਂਟਾਂ ਦੀ ਸਵੱਛਾ ਰੇਟਿੰਗ ਆਪ ਕਰਵਾਉਣ ਲਈ ਵੀ ਨਿਰਦੇਸ਼ ਦਿੱਤੇ ਜਾਣ।

        ਉਨਾਂ ਦੱਸਿਆ ਕਿ ਬੇਨਤੀ ਦੇ ਮੱਦੇਨਜਰ ਸੂਬੇ ਦੇ ਸਾਰੇ ਖੁਰਾਕ ਸੁਰੱਖਿਆ ਅਧਿਕਾਰੀਆਂ ਨੂੰ ਪ੍ਰਕਿਰਿਆ ਦੀ ਨਿਗਰਾਨੀ ਲਈ ਨਿਰਦੇਸ਼ ਦਿੱਤੇ ਜਾ ਚੁੱਕੇ ਹਨ ਅਤੇ ਆਨਲਾਈਨ ਫੂਡ ਡਿਲੀਵਰੀ ਐਗਰੀਗੇਟਰ ਕੰਪਨੀਆਂ ਨਾਲ ਸਬੰਧਤ ਐਫ.ਬੀ.ਓਜ਼ ਦੀ ਸੂਚੀ ਤਿਆਰ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਨਿਸ਼ਚਤ ਸਮੇਂ ਵਿੱਚ ਅਜਿਹੇ ਸਾਰੇ ਐਫ.ਬੀ.ਓਜ਼ ਦੀ ਸਵੱਛਤਾ ਰੇਟਿੰਗ ਨੂੰ ਯਕੀਨੀ ਬਣਾਇਆ ਜਾ ਸਕੇ।    

back-to-top