ਅੰਦਰੂਨੀ ਸੁਰੱਖਿਆ ਤੇ ਅੱਤਵਾਦ ਦੇ ਟਾਕਰੇ ਬਾਰੇ ਉੱਘੇ ਅਮਰੀਕੀ ਮਾਹਿਰ ਬੁੱਧਵਾਰ ਨੂੰ ਦੂਜੇ ਕੇ.ਪੀ.ਐਸ. ਗਿੱਲ ਯਾਦਗਾਰੀ ਭਾਸ਼ਣ ਮੌਕੇ ਆਪਣੇ ਵਿਚਾਰ ਪੇਸ਼ ਕਰਨਗੇ

ਅੰਦਰੂਨੀ ਸੁਰੱਖਿਆ ਤੇ ਅੱਤਵਾਦ ਦੇ ਟਾਕਰੇ ਬਾਰੇ ਉੱਘੇ ਅਮਰੀਕੀ ਮਾਹਿਰ ਬੁੱਧਵਾਰ ਨੂੰ ਦੂਜੇ ਕੇ.ਪੀ.ਐਸ. ਗਿੱਲ ਯਾਦਗਾਰੀ ਭਾਸ਼ਣ ਮੌਕੇ ਆਪਣੇ ਵਿਚਾਰ ਪੇਸ਼ ਕਰਨਗੇ
ਮੁੱਖ ਮੰਤਰੀ ਸਮਾਗਮ ਦੀ ਕਰਨਗੇ ਪ੍ਰਧਾਨਗੀ, 'ਡਿਜ਼ੀਟਲਾਈਜ਼ਡ ਨਫ਼ਰਤ: ਆਨਲਾਈਨ ਕੱਟੜਪੰਥੀ, ਹਿੰਸਕ ਇੰਤਹਾਪਸੰਦੀ ਅਤੇ ਅੱਤਵਾਦ' ਵਿਸ਼ੇ 'ਤੇ ਦੇਣਗੇ ਭਾਸ਼ਣ
ਚੰਡੀਗੜ੍ਹ, 9 ਦਸੰਬਰ
ਪੰਜਾਬ ਪੁਲੀਸ ਵੱਲੋਂ ਬੁੱਧਵਾਰ ਨੂੰ ਇੰਡੀਅਨ ਸਕੂਲ ਆਫ਼ ਬਿਜ਼ਨਸ, ਐਸ.ਏ.ਐਸ. ਨਗਰ (ਮੋਹਾਲੀ) ਵਿਖੇ ਕਰਵਾਏ ਜਾ ਰਹੇ ਦੂਜੇ ਕੇ.ਪੀ.ਐਸ. ਗਿੱਲ ਯਾਦਗਾਰੀ ਭਾਸ਼ਣ ਮੌਕੇ ਅੰਦਰੂਨੀ ਸੁਰੱਖਿਆ ਤੇ ਅੱਤਵਾਦ ਨਾਲ ਨਜਿੱਠਣ ਬਾਰੇ ਉੱਘੇ ਅਮਰੀਕੀ ਮਾਹਿਰ ਆਪਣੇ ਵਿਚਾਰ ਪੇਸ਼ ਕਰਨਗੇ।
ਡੀ.ਜੀ.ਪੀ. ਦਿਨਕਰ ਗੁਪਤਾ ਮੁਤਾਬਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕਰਨਗੇ ਅਤੇ ਮੁੱਖ ਭਾਸ਼ਣ ਦੇਣਗੇ।
ਡੀ.ਜੀ.ਪੀ. ਮੁਤਾਬਕ ਰਾਂਡ ਕਾਰਪੋਰੇਸ਼ਨ, ਅਮਰੀਕਾ ਨਾਲ ਕੰਮ ਕਰਦੇ ਡਾ. ਪੀਟਰ ਚਾਕ ਮੌਜੂਦਾ ਸਮੇਂ 'ਤੇ ਪ੍ਰਸੰਗਿਕ ਵਿਸ਼ੇ 'ਡਿਜ਼ੀਟਲਾਈਜ਼ਡ ਨਫ਼ਰਤ: ਆਨਲਾਈਨ ਕੱਟੜਪੰਥੀ, ਹਿੰਸਕ ਇੰਤਹਾਪਸੰਦੀ ਅਤੇ ਅੱਤਵਾਦ' 'ਤੇ ਆਪਣੇ ਵਿਚਾਰ ਰੱਖਣਗੇ।
ਇਸ ਵਿਚਾਰ-ਚਰਚਾ ਰਾਹੀਂ ਸਮਾਕਾਲੀ ਮੁੱਦਿਆਂ ਅਤੇ ਸਵਾਲਾਂ ਬਾਰੇ ਸੰਬੋਧਿਤ ਹੋਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ 'ਕਿਵੇਂ ਇੰਟਰਨੈੱਟ ਤੇ ਆਨਲਾਈਨ ਸੋਸ਼ਲ ਮੀਡੀਆ ਪਲੇਟਫਾਰਮਾਂ ਦਾ ਦਹਿਸ਼ਤਵਾਦੀ ਕਾਰਵਾਈ 'ਤੇ ਪ੍ਰਭਾਵ ਪੈਂਦਾ ਹੈ,  ਕਿਵੇਂ ਅੱਤਵਾਦੀਆਂ ਅਤੇ ਹਿੰਸਕ ਦਹਿਸ਼ਤਗਰਦਾਂ ਵੱਲੋਂ ਅਸਲ ਪਲੇਟਫਾਰਮ ਦੀ ਵਰਤੋਂ ਕੀਤੀ ਗਈ ਤੇ ਸਰਕਾਰਾਂ ਸੁਲਝਾਉਣ ਵਾਲੇ ਕਿਹੜੇ ਕਦਮ ਚੁੱਕ ਸਕਦੀਆਂ ਹਨ ਅਤੇ ਇਸ ਉੱਭਰ ਰਹੇ ਖਤਰੇ ਨਾਲ ਕਾਰਗਾਰ ਢੰਗ ਨਾਲ ਨਿਪਟਣ ਲਈ ਪ੍ਰਾਈਵੇਟ ਸੈਕਟਰ ਤੇ ਸਿਵਲ ਸੁਸਾਇਟੀ ਕਿਵੇਂ ਸਹਿਣ ਕਰਦੀ ਹੈ।
ਅੰਤਰਰਾਸ਼ਟਰੀ ਸੁਰੱਖਿਆ ਖਤਰਿਆਂ ਬਾਰੇ ਨਾਮਵਰ ਵਿਸ਼ਲੇਸ਼ਕ ਤੇ ਉੱਘੀ ਅਥਾਰਟੀ ਅਤੇ ਵਿਦਰੋਹ, ਅੱਤਵਾਦ, ਹਿੰਸਕ ਦਹਿਸ਼ਤਵਾਦ ਅਤੇ ਲੋਕਾਂ ਦੀ ਨਜਾਇਜ਼ ਤਸਕਰੀ 'ਤੇ ਜ਼ੋਰ ਦਿੰਦਿਆਂ ਡਾ. ਚਾਕ ਨੇ ਆਲਮੀ ਅਧਾਰ 'ਤੇ ਇਨ੍ਹਾਂ ਮੁੱਦਿਆਂ 'ਤੇ ਸੰਬੋਧਨ ਕੀਤਾ ਹੈ, ਭਾਵੇਂ ਕਿ ਉਨ੍ਹਾਂ ਦੀ ਬਹੁਤੀ ਖੋਜ ਤੇ ਅਧਿਐਨ ਦੱਖਣੀ ਏਸ਼ੀਆ 'ਤੇ ਕੇਂਦਰਿਤ ਹੈ। ਡਾ. ਚਾਕ ਇੰਸਟੀਚਿਊਟ ਫਾਰ ਸਕਿਊਰਿਟੀ ਗਵਰਨੈਂਸ, ਮੌਂਟੇਰੀ (ਕੈਲੇਫੋਰਨੀਆ) ਲਈ ਸਮਰਥਾ ਨਿਰਮਾਣ ਨਾਲ ਨੇੜਿਓਂ ਜੁੜੇ ਹੋਏ ਹਨ।
ਡਾ. ਚਾਕ ਨੇ ਅੱਤਵਾਦ ਅਤੇ ਅੱਤਵਾਦ ਦੇ ਟਾਕਰੇ 'ਤੇ ਥੀਸਿਸ ਲਿਖ ਕੇ ਕੈਨੇਡਾ ਦੇ ਵੈਨਕੂਵਰ ਵਿਖੇ ਸਥਿਤ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਤੋਂ ਡਾਕਟਰੇਟ ਦੀ ਉਪਾਧੀ ਹਾਸਲ ਕੀਤੀ। ਉਨ੍ਹਾਂ ਨੇ ਬ੍ਰਿਸਬੇਨ ਆਸਟਰੇਲੀਆ ਦੀ ਯੂਨੀਵਰਸਿਟੀ ਆਫ਼ ਕਿਊਨਸਲੈਂਡ ਵਿਖੇ ਅੰਤਰਰਾਸ਼ਟਰੀ ਸਬੰਧਾਂ ਦੇ ਸੀਨੀਅਰ ਪ੍ਰੋਫੈਸਰ ਵਜੋਂ ਕੰਮ ਕੀਤਾ, ਜਿੱਥੇ ਉਨ੍ਹਾਂ ਨੇ 4 ਸਾਲ ਪੜ੍ਹਾਇਆ।
ਕੱਟੜਪੰਥੀ ਅਤੇ ਅੱਤਵਾਦ ਕਾਰਵਾਈਆਂ ਦੇ ਫੈਲਾਅ ਸਬੰਧੀ ਇੰਟਰਨੈੱਟ ਅਤੇ ਹੋਰ ਸਬੰਧਤ ਸ਼ੋਸਲ ਮੀਡੀਆ ਪਲੇਟਫਾਰਮਾਂ ਦੀ ਮਹੱਤਤਾ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਪੁਲੀਸ ਨੂੰ ਇਨ੍ਹਾਂ ਗਤੀਸ਼ੀਲ ਸਮਾਜਿਕ ਪ੍ਰਕਿਰਿਆਵਾਂ ਦਾ ਅਧਿਐਨ ਕਰਨਾ ਚਾਹੀਦਾ ਹੈ ।
ਡੀਜੀਪੀ ਨੇ ਅੱਗੇ ਕਿਹਾ ਕਿ ਪੰਜਾਬ ਪੁਲਿਸ ਸਵਰਗਵਾਸੀ ਸ੍ਰੀ ਕੇ.ਪੀ.ਐਸ. ਗਿੱਲ, ਜਿਨ੍ਹਾਂ ਨੇ ਸੂਬੇ 'ਤੇ ਫੈਲੇ ਅੱਤਵਾਦ ਦੇ ਖ਼ਤਰੇ ਵਿਰੁੱਧ ਲੜਨ ਅਤੇ ਇਸਦੇ ਖਾਤਮੇ ਲਈ ਬਹਾਦਰੀ ਨਾਲ ਸੂਬਾ ਪੁਲੀਸ ਦੀ ਅਗਵਾਈ ਕੀਤੀ, ਦੇ ਸਤਿਕਾਰ ਵਜੋਂ ਹਰੇਕ ਸਾਲ ਕੇ.ਪੀ.ਐਸ. ਗਿੱਲ ਯਾਦਗਾਰੀ ਭਾਸ਼ਣ ਕਰਵਾਉਣ ਲਈ ਵਚਨਬੱਧ ਹੈ। ਸ੍ਰੀ ਗੁਪਤਾ ਨੇ ਕਿਹਾ ਕਿ ਪੰਜਾਬ ਵਿੱਚ ਅੱਤਵਾਦ ਨੂੰ ਮੁੜ ਸੁਰਜੀਤ ਕਰਨ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ, ਡਰੋਨਾਂ ਜ਼ਰੀਏ ਸਰਹੱਦ ਪਾਰੋਂ ਹਥਿਆਰਾਂ ਦੀ ਖੇਪ ਦੀ ਤਸਕਰੀ ਅਤੇ ਸ਼ੋਸਲ ਮੀਡੀਆ 'ਤੇ ਨੌਜਵਾਨਾਂ ਨੂੰ ਕੱਟੜਪੰਥੀ ਬਣਾਉਣ ਦੀਆਂ ਵੱਧ ਰਹੀਆਂ ਕਾਰਵਾਈਆਂ ਦੇ ਮੱਦੇਨਜ਼ਰ ਅੰਦਰੂਨੀ ਸੁਰੱਖਿਆ ਬਾਰੇ ਅਜਿਹੇ ਲੈਕਚਰ ਕੱਟੜਪੰਥੀ ਅਤੇ ਅੱਤਵਾਦ ਬਾਰੇ ਸਾਡੀ ਸਮਝ ਨੂੰ ਨਿਖਾਰਨ ਵਿੱਚ ਅਹਿਮ ਸਾਬਤ ਹੋਣਗੇ।

ਅੱਪਡੇਟ ਕੀਤਾ: 12/09/2019 - 20:51
back-to-top