ਨਵਜੋਤ ਸਿੰਘ ਸਿੱਧੂ ਵੱਲੋਂ ਦਰੋਣਾਚਾਰੀਆ ਐਵਾਰਡੀ ਪਹਿਲਵਾਨ ਸੁਖਚੈਨ ਸਿੰਘ ਚੀਮਾ ਦੇ ਬੇਵਕਤੀ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ

ਨਵਜੋਤ ਸਿੰਘ ਸਿੱਧੂ ਵੱਲੋਂ ਦਰੋਣਾਚਾਰੀਆ ਐਵਾਰਡੀ ਪਹਿਲਵਾਨ ਸੁਖਚੈਨ ਸਿੰਘ ਚੀਮਾ ਦੇ ਬੇਵਕਤੀ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਚੰਡੀਗੜ੍ਹ, 11 ਜਨਵਰੀ

        ਸਥਾਨਕ ਸਰਕਾਰਾਂ ਅਤੇ ਸੱਭਿਆਚਾਰਕ ਤੇ ਸੈਰ ਸਪਾਟਾ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਦਰੋਣਾਚਾਰੀਆ ਐਵਾਰਡੀ ਪਹਿਲਵਾਨ ਸੁਖਚੈਨ ਸਿੰਘ ਚੀਮਾ ਦੇ ਬੇਵਕਤੀ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸ.ਚੀਮਾ ਦਾ ਬੀਤੀ ਰਾਤ ਪਟਿਆਲਾ ਵਿਖੇ ਸੜਕ ਹਾਦਸੇ ਵਿੱਚ ਦੇਹਾਂਤ ਹੋ ਗਿਆ ਹੈ।

        ਸ. ਸਿੱਧੂ ਨੇ ਆਪਣੇ ਸ਼ੋਕ ਸੰਦੇਸ਼ ਵਿੱਚ ਸ.ਚੀਮਾ ਦੇ ਦੇਹਾਂਤ ਨੂੰ ਦੇਸ਼ ਲਈ ਨਾ ਪੂਰਿਆ ਜਾਣ ਵਾਲਾ ਘਾਟਾ ਦੱਸਦਿਆਂ ਕਿਹਾ ਕਿ ਪੰਜਾਬ ਨੇ ਖੇਡ ਜਗਤ ਦਾ ਇਕ ਅਨਮੋਲ ਹੀਰਾ ਗਵਾ ਲਿਆ। ਉਨ੍ਹਾਂ ਕਿਹਾ ਕਿ ਸੁਖਚੈਨ ਸਿੰਘ ਚੀਮਾ ਪਟਿਆਲਾ ਦੇ ਰਹਿਣ ਵਾਲੇ ਸਨ ਜਿਨ੍ਹਾਂ ਦੇ ਪਿਤਾ ਓਲੰਪੀਅਨ ਕੇਸਰ ਸਿੰਘ ਚੀਮਾ ਰੁਸਤਮੇ ਹਿੰਦ ਸਨ ਅਤੇ ਪੁੱਤਰ ਓਲੰਪੀਅਨ ਪਲਵਿੰਦਰ ਸਿੰਘ ਚੀਮਾ ਵੀ ਰੁਸਤਮੇ ਹਿੰਦ, ਰਾਸ਼ਟਰਮੰਡਲ ਤੇ ਏਸ਼ਿਆਈ ਖੇਡਾਂ ਦਾ ਤਮਗਾ ਜੇਤੂ ਹੈ। ਸੁਖਚੈਨ ਸਿੰਘ ਚੀਮਾ ਨੇ 1974 ਵਿੱਚ ਤਹਿਰਾਨ ਏਸ਼ਿਆਈ ਖੇਡਾਂ ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਸੁਖਚੈਨ ਸਿੰਘ ਚੀਮਾ ਨੂੰ ਕੁਸ਼ਤੀ ਵਿੱਚ ਬਤੌਰ ਕੋਚ ਯੋਗਦਾਨ ਪਾਉਣ ਬਦਲੇ ਦਰੋਣਾਚਾਰੀਆ ਐਵਾਰਡ ਨਾਲ ਸਨਮਾਨਿਆ ਗਿਆ।

        ਕੈਬਨਿਟ ਮੰਤਰੀ ਸ. ਸਿੱਧੂ ਨੇ ਕਿਹਾ ਕਿ ਸ. ਚੀਮਾ ਦੇ ਦੇਹਾਂਤ ਨਾਲ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਵੀ ਘਾਟਾ ਪਿਆ ਹੈ। ਉਨ੍ਹਾਂ ਵਿਛੜੀ ਹੋਈ ਰੂਹ ਦੀ ਆਤਮਿਕ ਸ਼ਾਂਤੀ ਲਈ ਕਾਮਨਾ ਕੀਤੀ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦੀ ਅਰਦਾਸ ਵੀ ਕੀਤੀ।

ਨੰ: ਪੀਆਰ/18/19

ਅੱਪਡੇਟ ਕੀਤਾ: 01/11/2018 - 16:13
back-to-top