ਪੰਜਾਬ ਪੁਲਿਸ ਵੱਲੋਂ ਗੈਰ-ਕਾਨੂੰਨੀ ਲਾਟਰੀ ਆਪਰੇਟਰਾਂ, ਜੂਏਬਾਜ਼ਾਂ ਖਿਲਾਫ ਸੂਬਾ-ਪੱਧਰੀ ਕਾਰਵਾਈ

ਪੰਜਾਬ ਪੁਲਿਸ ਵੱਲੋਂ ਗੈਰ-ਕਾਨੂੰਨੀ ਲਾਟਰੀ ਆਪਰੇਟਰਾਂ, ਜੂਏਬਾਜ਼ਾਂ ਖਿਲਾਫ ਸੂਬਾ-ਪੱਧਰੀ ਕਾਰਵਾਈ
ਪੁਲਿਸ ਟੀਮਾਂ ਨੇ 46610 ਰੁਪਏ ਬਰਾਮਦ ਕਰਕੇ  40 ਐਫ.ਆਈ.ਆਰ. ਕੀਤੀਆਂ ਦਰਜ: ਵਿਸ਼ੇਸ਼ ਡੀ.ਜੀ.ਪੀ. ਅਰਪਿਤ ਸ਼ੁਕਲਾ
ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਚਨਬੱਧ

285 ਪੁਲਿਸ ਟੀਮਾਂ ਨੇ ਜੂਆ ਐਕਟ ਅਧੀਨ ਨਾਮਜ਼ਦ 544 ਵਿਅਕਤੀਆਂ ਦੇ ਟਿਕਾਣਿਆਂ 'ਤੇ ਕੀਤੀ ਛਾਪੇਮਾਰੀ

ਚੰਡੀਗੜ੍ਹ, 10 ਜੂਨ:

ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ, ਪੰਜਾਬ ਪੁਲਿਸ ਨੇ ਅੱਜ ਸੂਬੇ ਭਰ ਵਿੱਚ ਗੈਰ-ਕਾਨੂੰਨੀ ਲਾਟਰੀ ਗਤੀਵਿਧੀਆਂ ਅਤੇ ਜੂਏ (ਦੜਾ-ਸੱਟਾ) ਵਿੱਚ ਸ਼ਾਮਲ ਲੋਕਾਂ 'ਤੇ ਸ਼ਿਕੰਜਾ ਕਸਦਿਆਂ ਵੱਡੀ ਕਾਰਵਾਈ ਕੀਤੀ। ਇਹ ਕਾਰਵਾਈ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ 'ਤੇ ਕੀਤੀ ਗਈ।

ਵਿਸ਼ੇਸ਼ ਡੀਜੀਪੀ ਕਾਨੂੰਨ ਤੇ ਵਿਵਸਥਾ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਇਹ ਕਾਰਵਾਈ ਸੂਬੇ ਭਰ ਵਿੱਚ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਇੱਕੋ ਸਮੇਂ ਕੀਤੀ ਗਈ। ਉਨ੍ਹਾਂ ਕਿਹਾ ਕਿ ਸਾਰੇ ਸੀਪੀਜ਼/ਐਸਐਸਪੀਜ਼ ਨੂੰ ਹਰੇਕ ਥਾਣੇ ਦੇ ਐਸਐਚਓਜ਼/ਵਧੀਕ ਐਸਐਚਓਜ਼ ਨੂੰ ਹਦਾਇਤ ਜਾਰੀ ਕਰਕੇ ਉਨ੍ਹਾਂ ਲੋਕਾਂ, ਜਿਨ੍ਹਾਂ ਖ਼ਿਲਾਫ਼ ਪਿਛਲੇ ਪੰਜ ਸਾਲਾਂ ਵਿੱਚ ਜੂਆ ਐਕਟ ਦੇ ਦੋ ਤੋਂ ਵੱਧ ਕੇਸ ਦਰਜ ਹਨ, ਦੇ ਟਿਕਾਣਿਆਂ 'ਤੇ ਛਾਪੇਮਾਰੀ ਕਰਨ ਅਤੇ ਉਨ੍ਹਾਂ ਖਿਲਾਫ਼ ਕਾਰਵਾਈ ਲਈ ਕਿਹਾ ਗਿਆ ਸੀ।

ਇਸ ਕਾਰਵਾਈ ਦੌਰਾਨ 1500 ਪੁਲਿਸ ਮੁਲਾਜ਼ਮਾਂ ਦੀ ਸ਼ਮੂਲੀਅਤ ਵਾਲੀਆਂ 285 ਪੁਲਿਸ ਟੀਮਾਂ ਨੇ ਗੈਰ-ਕਾਨੂੰਨੀ ਲਾਟਰੀ ਆਪਰੇਟਰਾਂ ਅਤੇ ਜੂਏਬਾਜ਼ਾਂ ਨਾਲ ਸਬੰਧਤ 500 ਤੋਂ ਵੱਧ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਸੂਬੇ ਦੇ ਸਾਰੇ 28 ਪੁਲਿਸ ਜ਼ਿਲ੍ਹਿਆਂ ਵਿੱਚ ਦਿਨ ਭਰ ਚੱਲੀ ਇਸ ਮੁਹਿੰਮ ਦੌਰਾਨ ਗੈਰ-ਕਾਨੂੰਨੀ ਲਾਟਰੀ ਗਤੀਵਿਧੀਆਂ ਵਿੱਚ ਸ਼ਾਮਲ ਘੱਟੋ-ਘੱਟ 110 ਵਿਅਕਤੀਆਂ ਅਤੇ ਦੜਾ-ਸੱਟਾ ਵਿੱਚ ਸ਼ਾਮਲ 434 ਵਿਅਕਤੀਆਂ ਦੀ ਚੈਕਿੰਗ ਕੀਤੀ ਗਈ।

ਵਿਸ਼ੇਸ਼ ਡੀਜੀਪੀ ਨੇ ਦੱਸਿਆ ਕਿ ਪੁਲਿਸ ਟੀਮਾਂ ਨੇ ਉਨ੍ਹਾਂ ਦੇ ਕਬਜ਼ੇ 'ਚੋਂ 46610 ਰੁਪਏ ਬਰਾਮਦ ਕਰਕੇ 40 ਐਫਆਈਆਰਜ਼ ਵੀ ਦਰਜ ਕੀਤੀਆਂ ਹਨ।

ਉਨ੍ਹਾਂ ਕਿਹਾ ਕਿ ਇਸ ਕਾਰਵਾਈ ਨੂੰ ਅੰਜ਼ਾਮ ਦੇਣ ਦਾ ਮਕਸਦ ਗੈਰ-ਕਾਨੂੰਨੀ ਲਾਟਰੀ ਆਪਰੇਟਰਾਂ ਅਤੇ ਜੂਏਬਾਜ਼ਾਂ 'ਤੇ ਨਜ਼ਰ ਰੱਖਣਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਛਾਪੇਮਾਰੀਆਂ ਅੱਗੇ ਵੀ ਜਾਰੀ ਰਹਿਣਗੀਆਂ।

ਜ਼ਿਕਰਯੋਗ ਹੈ ਕਿ ਅਜਿਹੀਆਂ ਕਾਰਵਾਈਆਂ ਸਮਾਜ ਵਿਰੋਧੀ ਅਨਸਰਾਂ ਵਿੱਚ ਡਰ ਅਤੇ ਆਮ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਵਿੱਚ ਵੀ ਸਹਾਈ ਹੁੰਦੀਆਂ ਹਨ।

ਅੱਪਡੇਟ ਕੀਤਾ: 06/10/2023 - 21:43
back-to-top