ਮਨਰੇਗਾ ਤਹਿਤ ਚੱਲ ਰਹੇ ਕਾਰਜਾਂ ’ਚ ਮਿਸ਼ਨ ਫ਼ਤਿਹ ਤਹਿਤ ਲੋਕ ਜਾਗਰੂਕਤਾ ਲਈ ਵਿਭਾਗ ਦੇ ਨਾਲ-ਨਾਲ ਜੀ ਓ ਜੀ ਵੀ ਹੋਏ ਸਰਗਰਮ

ਪ੍ਰੈੱਸ ਨੋਟ-I/31703/2020
ਮਨਰੇਗਾ ਤਹਿਤ ਚੱਲ ਰਹੇ ਕਾਰਜਾਂ ’ਚ ਮਿਸ਼ਨ ਫ਼ਤਿਹ ਤਹਿਤ ਲੋਕ ਜਾਗਰੂਕਤਾ ਲਈ ਵਿਭਾਗ ਦੇ ਨਾਲ-ਨਾਲ ਜੀ ਓ ਜੀ ਵੀ ਹੋਏ ਸਰਗਰਮ

ਮਨਰੇਗਾ ਕਾਮਿਆਂ ਨੂੰ ਮੂੰਹ ਢਕਣ, ਹੱਥ ਵਾਰ-ਵਾਰ ਧੋਣ ਤੇ ਕੰਮ ਕਰਦੇ ਸਮਾਜਿਕ ਦੂਰੀ ਰੱਖਣ ਲਈ ਕੀਤਾ ਜਾ ਰਿਹਾ ਹੈ ਪ੍ਰੇਰਿਤ
ਨਵਾਂਸ਼ਹਿਰ, 6 ਜੂਨ-
ਪੰਜਾਬ ਸਰਕਾਰ ਵੱਲੋਂ ਕੋਰੋਨਾ ’ਤੇ ਫ਼ਹਿਤ ਪਾਉਣ ’ਚ ਲੋਕਾਂ ਦੀ ਭਾਗੀਦਾਰੀ ਵਧਾਉਣ ’ਤੇ ਉਨ੍ਹਾਂ ਨੂੰ ਪ੍ਰੇਰਿਤ ਕਰਨ ਲਈ ਆਰੰਭੇ ਮਿਸ਼ਨ ਫ਼ਤਿਹ ਪੰਜਾਬ ਤਹਿਤ ਜ਼ਿਲ੍ਹੇ ’ਚ ਮਨਰੇਗਾ ਤਹਿਤ ਚੱਲ ਰਹੇ ਕਾਰਜਾਂ ’ਚ ਲੋਕ ਜਾਗਰੂਕਤਾ ਲਈ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਨਾਲ-ਨਾਲ ਜੀ ਓ ਜੀ ਵੀ ਸਰਗਰਮ ਹੋ ਗਏ ਹਨ।
ਵਿਭਾਗ ਅਤੇ ਜੀ ਓ ਜੀਜ਼ ਵੱਲੋਂ ਇਨ੍ਹਾਂ ਮਨਰੇਗਾ ਕਾਮਿਆਂ ਨੂੰ ਮਿਸ਼ਨ ਫ਼ਤਿਹ ਦੇ ਮੁਢਲੇ ਉਦੇਸ਼ ਤਹਿਤ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਉਹ ਕੰਮ ਕਰਦੇ ਮੌਕੇ ਆਪਣਾ ਮੂੰਹ ਢਕ ਕੇ ਰੱਖਣ, ਹੱਥਾਂ ਨੂੰ ਨਿਸ਼ਚਿਤ ਸਮੇਂ ਬਾਅਦ ਧੋਣ, ਇੱਕ ਦੂਸਰੇ ਨੂੰ ਛੂਹਣ ਤੋਂ ਬਚਣ ਅਤੇ ਘੱਟ ਤੋਂ ਘੱਟ 6 ਗਜ਼ ਦਾ ਇੱਕ ਦੂਸਰੇ ਤੋਂ ਫ਼ਾਸਲਾ ਰੱਖਣ।
ਜੀ ਓ ਜੀ ਦੇ ਜ਼ਿਲ੍ਹਾ ਮੁਖੀ ਕਰਨਲ ਚੂਹੜ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੇ ਸਮੂਹ ਜੀ ਓ ਜੀਜ਼ ਨੂੰ ਮਿਸ਼ਨ ਫ਼ਤਿਹ ਦੇ ਮੰਤਵ ਨੂੰ ਘਰ-ਘਰ ਪਹੁੰਚਾਉਣ ਲਈ ਕਿਹਾ ਗਿਆ ਹੈ ਤਾਂ ਜੋ ਆਪਣੇ ਜ਼ਿਲ੍ਹੇ ਤੇ ਸੂਬੇ ਨੂੰ ਕੋਰੋਨਾ ਮੁਕਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਆਰੰਭੇ ਯਤਨਾਂ ਨੂੰ ਰਲ-ਮਿਲ ਕੇ ਕਾਮਯਾਬ ਕੀਤਾ ਜਾਵੇ।
ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਦਵਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਲਾਕਡਾਊਨ ਦੌਰਾਨ ਮਨਰੇਗਾ ਮਜ਼ਦੂਰਾਂ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਤਿ੍ਰਪਤ ਰਾਜਿੰਦਰ ਸਿੰਘ ਬਾਜਵਾ ਦੇ ਆਦੇਸ਼ਾਂ ’ਤੇ ਪਿੰਡਾਂ ’ਚ ਮਨਰੇਗਾ ਵਰਕਰਾਂ ਦੀ ਸ਼ਮੂਲੀਅਤ ਵਾਲੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਦਿਆਂ ਇਨ੍ਹਾਂ ’ਚ ਤੇਜ਼ੀ ਲਿਆਂਦੀ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 466 ਪੰਚਾਇਤਾਂ ’ਚੋਂ ਲਗਪਗ 440 ਪਿੰਡਾਂ ’ਚ ਕੰਮ ਚਲਾ ਦਿੱਤੇ ਗਏ ਹਨ ਤਾਂ ਜੋ ਵਿਕਾਸ ਦੇ ਨਾਲ-ਨਾਲ ਇਨ੍ਹਾਂ ਕਾਮਿਆਂ ਨੂੰ ਰੋਜ਼ਗਾਰ ਵੀ ਹਾਸਲ ਹੋ ਸਕੇ। ਉਨ੍ਹਾਂ ਦੱਸਿਆ ਕਿ ਕਲ੍ਹ ਇੱਕ ਦਿਨ ’ਚ ਹੀ 8000 ਮਨਰੇਗਾ ਕਾਮਿਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਗਿਆ।
ਉਨ੍ਹਾਂ ਦੱਸਿਆ ਕਿ ਏਨੀ ਵੱਡੀ ਗਿਣਤੀ ’ਚ ਰੋਜ਼ਗਾਰ ਦੇਣ ਦੇ ਨਾਲ-ਨਾਲ ਕੋਵਿਡ ਨਿਯਮਾਂ ਦੀ ਪਾਲਣਾ ਨੂੰ ਵੀ ਯਕੀਨੀ ਬਣਾਇਆ ਜਾ ਰਿਹਾ ਹੈ, ਜਿਸ ਲਈ ਪੰਚਾਇਤ ਸਕੱਤਰ, ਗਰਾਮ ਰੋਜ਼ਗਾਰ ਸਹਾਇਕ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਆਪੋ-ਆਪਣੇ ਪੱਧਰ ’ਤੇ ਇਨ੍ਹਾਂ ਮਜ਼ਦੂਰਾਂ ਨੂੰ ਕੋਡਿਵ ਤੋਂ ਬਚਣ ਦੇ ਤਰੀਕਿਆਂ ਬਾਰੇ ਦੱਸ ਰਹੇ ਹਨ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਵਿਕਸਾ ’ਚ ਤੇਜ਼ੀ ਲਿਆਉਣ ਦੇ ਨਾਲ-ਨਾਲ ਮਿਸ਼ਨ ਫ਼ਤਿਹ ਤਹਿਤ ਇਨ੍ਹਾਂ ਕਾਮਿਆਂ ਨੂੰ ਕੋਵਿਡ ਤੋਂ ਬਚਾਅ ਲਈ ਵੀ ਤਿਆਰ ਕੀਤਾ ਜਾ ਰਿਹਾ ਹੈ ਤਾਂ ਜੋ ਇਨ੍ਹਾਂ ਦੀ ਆਰਥਿਕਤਾ ਨੂੰ ਸਹਾਰਾ ਤਾਂ ਮਿਲੇ ਹੀ, ਪਰ ਇਨ੍ਹਾਂ ਦੀ ਸਰੀਰਕ ਤੌਰ ’ਤੇ ਵੀ ਤੰਦਰੁਸਤੀ ਰਹੇ।

ਅੱਪਡੇਟ ਕੀਤਾ: 06/06/2020 - 21:58
back-to-top