I/48230/2020
ਫ਼ਰੀਦਕੋਟ,12 ਜੁਲਾਈ-
ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਮਾਰੀ ਦੇ ਫੈਲਾਅ ਨੂੰ ਅੱਗੇ ਵਧਣ ਤੋਂ ਰੋਕਣ ਅਤੇ ਲੋਕਾਂ ਨੂੰ ਕਰੋਨਾ ਤੋਂ ਬਚਾਅ ਸਬੰਧੀ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਪ੍ਰਤੀ ਜਾਗਰੂਕ ਕਰਨ ਲਈ ਸ਼ੁਰੂ ਕੀਤੀ ਗਈ ਮਿਸ਼ਨ ਫ਼ਤਿਹ ਜਾਗਰੂਕਤਾ ਮੁਹਿੰਮ ਤਹਿਤ ਰੇਡੀਆਲੋਜਿਸਟ ਐਸੋਸੀਏਸ਼ਨ ਫਰੀਦਕੋਟ ਚੈਪਟਰ ਆਫ਼ ਪੰਜਾਬ (ਆਈ ਆਰ ਆਈ ਏ) ਵੱਲੋਂ ਅੱਜ ਫ਼ਰੀਦਕੋਟ ਦੇ ਵੱਖ ਵੱਖ ਸਲਮ ਏਰੀਏ ਵਿੱਚ ਆਮ ਲੋਕਾਂ, ਔਰਤਾਂ ਅਤੇ ਨੌਜਵਾਨ ਲੜਕੀਆਂ ਨੂੰ ਕਰੋਨਾ ਮਹਾਂਮਾਰੀ ਪ੍ਰਤੀ ਜਾਗਰੂਕ ਕਰਨ ਅਤੇ ਇਸ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਪ੍ਰਤੀ ਜਾਣੂ ਕਰਵਾਉਣ ਲਈ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਗਈ ।
ਡਾ ਸਿੰਮੀ ਗਰਗ ਦੀ ਰਹਿਨੁਮਾਈ ਹੇਠ ਡਾ: ਤਪੱਸਵੀ, ਡਾ: ਪਰਮਦੀਪ ਸਿੰਘ ,ਡਾ: ਰਸ਼ਮੀਤ ਤੇ ਡਾ: ਮਨਦੀਪ ਵੱਲੋਂ ਫ਼ਰੀਦਕੋਟ ਦੇ ਵੱਖ ਵੱਖ ਸਲੱਮ ਏਰੀਏ ਵਿੱਚ ਆਮ ਲੋਕਾਂ , 15 ਤੋਂ 35 ਸਾਲ ਦੀਆਂ ਗ਼ਰੀਬ ਔਰਤਾਂ ਅਤੇ ਲੜਕੀਆਂ ਨੂੰ ਕਰੋਨਾ ਤੋਂ ਬਚਾਅ ਲਈ ਜਾਣਕਾਰੀ ਦਿੰਦਿਆਂ ਉਨ੍ਹਾਂ ਨੂੰ ਸਮੇਂ ਸਮੇਂ ਤੇ ਹੱਥ ਧੋਣ ,ਮਾਸਕ ਪਾਉਣ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ, ਬੱਚਿਆਂ ਅਤੇ ਬਜ਼ੁਰਗਾਂ ਨੂੰ ਲੋੜ ਤੋਂ ਬਿਨਾਂ ਘਰਾਂ ਤੋਂ ਬਾਹਰ ਨਾ ਨਿਕਲਣ ਪ੍ਰਤੀ ਜਾਗਰੂਕ ਕੀਤਾ ਗਿਆ। ਮਾਹਿਰ ਡਾਕਟਰਾਂ ਨੇ ਲੋਕਾਂ ਨੂੰ ਸੁਚੇਤ ਕੀਤਾ ਕਿ ਅਜੇ ਤੱਕ ਕਰੋਨਾ ਮਹਾਮਾਰੀ ਦੀ ਰੋਕਥਾਮ ਲਈ ਕੋਈ ਦਵਾਈ ਨਹੀਂ ਬਣੀ ਜਦਕਿ ਅਸੀਂ ਸਾਵਧਾਨੀਆਂ ਵਰਤ ਕੇ ਹੀ ਇਸ ਬਿਮਾਰੀ ਨੂੰ ਰੋਕ ਸਕਦੇ ਹਾਂ ।ਉਨ੍ਹਾਂ ਲੋਕਾਂ ਨੂੰ ਸਲਾਹ ਦਿੱਤੀ ਕਿ ਖੰਘ ,ਜ਼ੁਕਾਮ ਜਾਂ ਬੁਖਾਰ ,ਸਿਰਦਰਦ ਆਦਿ ਨਿਸ਼ਾਨੀਆਂ ਹੋਣ ਦੀ ਸੂਰਤ ਵਿੱਚ ਨੇੜੇ ਦੇ ਹਸਪਤਾਲ ਵਿਖੇ ਸੰਪਰਕ ਕਰਨ ਅਤੇ ਆਪਣਾ ਕਰੋਨਾ ਟੈਸਟ ਜ਼ਰੂਰ ਕਰਵਾਉਣ ।
ਇਸ ਮੌਕੇ ਐਸੋਸੀਏਸ਼ਨ ਵੱਲੋਂ ਵੱਖ ਵੱਖ ਇਲਾਕਿਆਂ ਵਿੱਚ ਮਾਸਕ, ਸਾਬਨ, ਸੈਨੇਟਾਈਜ਼ਰ ,ਛੋਲੇ ,ਗੁੜ ਆਦਿ ਦੀ ਕਿੱਟਾਂ ਦੀ ਵੀ ਵੰਡ ਕੀਤੀ ਗਈ।