ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ  ਲਗਾਏ ਗਏ ਬੂਟੇ ਵਾਤਾਵਰਣ ਦੀ ਸ਼ੁੱਧਤਾ ਲਈ ਵਿਸ਼ੇਸ਼ ਯੋਗਦਾਨ ਦੇਣਗੇ : ਡਾ. ਪ੍ਰੀਤੀ ਯਾਦਵ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਪਟਿਆਲਾ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ  ਲਗਾਏ ਗਏ ਬੂਟੇ ਵਾਤਾਵਰਣ ਦੀ ਸ਼ੁੱਧਤਾ ਲਈ ਵਿਸ਼ੇਸ਼ ਯੋਗਦਾਨ ਦੇਣਗੇ : ਡਾ. ਪ੍ਰੀਤੀ ਯਾਦਵ
-ਜ਼ਿਲ੍ਹੇ 'ਚ ਲਗਾਏ 4.75 ਲੱਖ ਬੂਟੇ ਦੀ ਸਾਂਭ ਸੰਭਾਲ ਲਈ ਰੱਖੇ ਵਣ ਮਿੱਤਰ
-ਮੁਫ਼ਤ ਬੂਟਿਆ ਲਈ ਜ਼ਿਲ੍ਹੇ 'ਚ ਬਣਾਈਆਂ ਗਈਆਂ 13 ਨਰਸਰੀਆਂ
-ਪੰਚਾਇਤਾਂ ਪਿੰਡ ਦੇ ਸਾਂਝੇ ਸਥਾਨ ਦੀ ਸ਼ਨਾਖਤ ਕਰਕੇ ਬੂਟੇ ਲਗਾਉਣ : ਵਧੀਕ ਡਿਪਟੀ ਕਮਿਸ਼ਨਰ
ਪਟਿਆਲਾ, 1 ਅਗਸਤ:
ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਏ 550 ਬੂਟੇ ਪ੍ਰਤੀ ਪਿੰਡ ਲਗਾਉਣ ਦਾ ਫ਼ੈਸਲਾ ਕੀਤਾ ਗਿਆ ਸੀ ਜਿਸ ਤਹਿਤ ਪਟਿਆਲਾ ਜ਼ਿਲ੍ਹੇ 'ਚ ਲਗਭਗ 4 ਲੱਖ 75 ਹਜ਼ਾਰ ਬੂਟੇ ਪਟਿਆਲਾ ਦੀ ਆਬੋ ਹਵਾ ਨੂੰ ਸ਼ੁੱਧ ਕਰਨ ਲਈ ਲਗਾਏ ਗਏ ਹਨ, ਜਿਨ੍ਹਾਂ ਦੀ ਸਾਂਭ ਸੰਭਾਲ ਦਾ ਵੀ ਪੂਰਾ ਖ਼ਿਆਲ ਰੱਖਿਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਮਹਾਤਮਾ ਗਾਂਧੀ ਨਰੇਗਾ ਸਕੀਮ ਤਹਿਤ ਲਗਾਏ ਇਨ੍ਹਾਂ ਬੂਟਿਆਂ ਦੀ ਸੰਭਾਲ ਲਈ ਵਣ ਮਿੱਤਰ ਦੀ ਸ਼ਨਾਖ਼ਤ ਕੀਤੀ ਗਈ ਹੈ ਅਤੇ ਇਨ੍ਹਾਂ ਵਣ ਮਿੱਤਰਾਂ ਨੂੰ ਦਿਹਾੜੀ ਵੀ ਬੂਟਿਆਂ ਦੀ ਗਿਣਤੀ ਮੁਤਾਬਕ ਦਿੱਤੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਵੱਲੋਂ ਗੰਭੀਰਤਾ ਨਾਲ ਬੂਟਿਆਂ ਦੀ ਸਾਂਭ ਸੰਭਾਲ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ 'ਚ ਨਾਨਕ ਬਗੀਚੀਆਂ ਵੀ ਲਗਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਲਗਾਏ ਗਏ ਬੂਟੇ ਵਾਤਾਵਰਣ ਦੀ ਸ਼ੁੱਧਤਾ ਲਈ ਵਿਸ਼ੇਸ਼ ਯੋਗਦਾਨ ਦੇਣਗੇ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਣ ਵਿਭਾਗ ਦੀ ਸਹਾਇਤਾ ਨਾਲ ਜ਼ਿਲ੍ਹੇ 'ਚ 13 ਨਰਸਰੀਆਂ ਵੀ ਬਣਾਈਆਂ ਗਈਆਂ ਹਨ ਤਾਂ ਜੋ ਬੂਟਿਆਂ ਦੀ ਮੁਫ਼ਤ ਸਪਲਾਈ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਵਾਤਾਵਰਣ ਸੰਭਾਲ ਨੂੰ ਮੁੱਖ ਰਖਦਿਆ ਭਵਿੱਖ 'ਚ ਸੜਕਾਂ ਦੀਆਂ ਬਰਮਾ 'ਤੇ ਰੁੱਖ ਲਗਾਉਣ ਦੇ ਵੀ ਪ੍ਰੋਜੈਕਟ ਤਿਆਰ ਕੀਤੇ ਜਾ ਰਹੇ ਹਨ।
ਡਾ. ਪ੍ਰੀਤੀ ਯਾਦਵ ਨੇ ਲੋਕਾਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਅਪੀਲ ਕਰਦਿਆ ਕਿਹਾ ਕਿ ਉਹ ਲਗਾਏ ਗਏ ਬੂਟਿਆਂ ਦੀ ਸਾਂਭ ਸੰਭਾਲ ਲਈ ਪ੍ਰਸ਼ਾਸਨ ਦਾ ਸਹਿਯੋਗ ਦੇਣ ਅਤੇ ਜੇਕਰ ਪਿੰਡ ਵਿੱਚ ਕੋਈ ਅਜਿਹਾ ਸਾਂਝਾ ਸਥਾਨ ਉਪਲਬਧ ਹੋਵੇ ਜਿਥੇ ਬੂਟੇ ਲਗਾਏ ਜਾ ਸਕਦੇ ਹੋਣ ਤਾਂ ਉਸ ਦਾ ਪ੍ਰੋਜੈਕਟ ਵੀ ਤਿਆਰ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਭੇਜਿਆਂ ਜਾਵੇ ਜਿਸ ਨਾਲ ਜਿਥੇ ਵਾਤਾਵਰਣ ਦੀ ਸੰਭਾਲ ਹੋਵੇਗੀ ਉਥੇ ਹੀ ਭਵਿੱਖ 'ਚ ਇਹ ਬੂਟੇ ਪੰਚਾਇਤਾਂ ਦੀ ਆਮਦਨ ਦਾ ਸਾਧਨ ਵੀ ਬਣਨਗੇ।
I/58189/2020

ਅੱਪਡੇਟ ਕੀਤਾ: 08/01/2020 - 20:45
back-to-top